Saturday, September 15, 2018

ਮੋਬਾਈਲ ਦੀ ਵਰਤੋ

ਮੋਬਾਈਲ ਦੀ ਵਰਤੋ 
       
ਅੱਜ ਅਧੁਨਿਕ ਯੁੱਗ ਵਿਚ ਸੰਚਾਰ ਦੇ ਮਾਧਿਅਮਾਂ ਦੇ ਵਿਕਸਿਤ ਹੋਣ ਕਰਕੇ ਪੂਰੀ ਦੁਨੀਆ ਇਕ ਪਿੰਡ ਦਾ ਰੂਪ ਧਾਰਨ ਕਰ ਚੁੱਕੀ ਹੈ। ਕੋਈ ਸਮਾਂ ਸੀ, ਜਦੋਂ ਮਨੁੱਖ ਨੇ ਹਾਲੇ ਇੰਨੀ ਤਰੱਕੀ ਨਹੀਂ ਸੀ ਕੀਤੀ ਕਿ ਉਹ ਆਪਣਾ ਸੰਦੇਸ਼ ਇਕ ਥਾਂ ਤੋਂ ਦੂਜੀ ਥਾਂ ’ਤੇ ਅੱਖ ਝਪਕਣ ਜਿੰਨੇ ਲੱਗਦੇ ਸਮੇਂ ਵਿਚ ਪਹੁੰਚਾ ਸਕਦਾ। ਪਰੰਤੂ ਵਰਤਮਾਨ ਵਿਚ ਸੰਚਾਰ ਦੇ ਪੱਖ ਤੋਂ ਪੂਰੀ ਤਰ੍ਹਾਂ ਲੈਸ ਮਨੁੱਖ, ਸੰਚਾਰ ਤਕਨੀਕਾਂ ਦੀ ਮਦਦ ਨਾਲ ਇੱਕੋ ਥਾਂ ਬੈਠਿਆਂ ਪੂਰੀ ਦੁਨੀਆ ਵਿਚ ਕਿਧਰੇ ਵੀ ਬੈਠੇ ਕਿਸੇ ਦੂਜੇ ਇਕ ਵਿਅਕਤੀ ਨਾਲ ਹੀ ਨਹੀਂ ਬਲਕਿ ਇੱਕ ਤੋਂ ਵੱਧ ਕਈ ਵਿਅਕਤੀਆਂ ਨਾਲ ਇੰਝ ਗੱਲਾਂ ਕਰ ਸਕਦਾ ਹੈ ਜਿਵੇਂ ਆਹਮੋਂ-ਸਾਹਮਣੇ ਬੈਠ ਕੇ ਕੀਤੀਆਂ ਜਾਦੀਆਂ ਹਨ।


ਸੰਚਾਰ ਦੇ ਪੱਖ ਤੋਂ ਜੇਕਰ ਇਸ ਦੇ ਉਪਕਰਨਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਮੋਬਾਇਲ ਫ਼ੋਨ ਸਭ ਤੋਂ ਵਧੇਰੇ ਪ੍ਰਚਲਿਤ ਅਤੇ ਆਸਾਨ ਮਾਧਿਅਮ ਹੈ। ਅੱਜ ਹਰੇਕ ਵਿਅਕਤੀ ਮੋਬਾਇਲ ਫ਼ੋਨ ਦੀਆਂ ਸਹੂਲਤਾਂ ਦਾ ਭਰਪੂਰ ਲਾਭ ਉਠਾ ਰਿਹਾ ਹੈ। ਮੋਬਾਇਲ ਫ਼ੋਨ ਦੀ ਵਿਕਸਿਤ ਹੋ ਚੁੱਕੀ ਨਵੀਨਤਮ ਤਕਨੀਕ ਨੇ ਜਿੱਥੇ ਦੂਰ-ਦੁਰੇਡੇ ਬੈਠੇ ਵਿਅਕਤੀਆਂ ਵਿਚਕਾਰ ਗੱਲ ਕਰਨੀ ਆਸਾਨ ਕਰ ਦਿੱਤੀ ਹੈ, ਉੱਥੇ ਲਿਖਤੀ ਰੂਪ ਵਿਚ ਸੁਨੇਹੇ (ਐਸ. ਐਮ. ਐਸ, ਵਟਸਐਪ ਤਕਨੀਕ ਅਤੇ ਹੋਰ ਸ਼ੋਸਲ ਸਾਇਟਸ ਇੰਟਰਨੈਟ ਨਾਲ ਲਈ ਗਈ ਮਦਦ ਨਾਲ) ਵੀ ਭੇਜੇ ਜਾ ਸਕਦੇ ਹਨ। ਬਲਕਿ ਹੋਰ ਤਾਂ ਹੋਰ ਅਸੀਂ ਵਧੇਰੇ ਵਿਕਸਿਤ ਮੋਬਾਇਲ ਉਪਕਰਨਾਂ ਅਤੇ ਨੈਟਵਰਕ ਤਕਨੀਕਾਂ ਰਾਹੀਂ ਮੋਬਾਇਲ ਤੇ ਆਹਮੋ-ਸਾਹਮਣੇ ਇੱਕ-ਦੂਜੇ ਨੂੰ ਵੇਖ ਕੇ ਗੱਲ-ਬਾਤ ਵੀ ਕਰ ਸਕਦੇ ਹਾ।

ਜੇ ਇੰਝ ਕਹਿ ਲਿਆ ਜਾਵੇ ਕਿ ਤਕਨੀਕ ਨੇ ਸਾਨੂੰ ਸੰਚਾਰ ਦੇ ਪੱਖ ਤੋਂ ਇਕ ਤਰ੍ਹਾਂ ਦੇ ਸੰਪੰਨ ਮਨੁੱਖ ਬਣਾ ਦਿੱਤਾ ਹੈ ਤਾਂ ਇਸ ਵਿਚ ਕੋਈ ਅਤਿ ਕਥਨੀ ਨਹੀਂ ਹੋਵੇਗੀ।ਪਰੰਤੂ ਹੁਣ ਸਵਾਲ ਪੈਦਾ ਹੁੰਦਾ ਹੈਕਿ ਕੀ ਅਸੀਂ ਇਸ ਤਕਨੀਕ ਦੀ ਠੀਕ ਵਰਤੋਂ ਕਰ ਰਹੇ ਹਾਂ ਜਾਂ ਨਹੀਂ? ਇਹ ਇਕ ਗੰਭੀਰ ਅਤੇ ਬੇਹੱਦ ਵਿਚਾਰਨਯੋਗ ਪਹਿਲੂ ਹੈ।ਅੱਜ ਮੋਬਾਇਲ ਫ਼ੋਨ ਦੀ ਤਕਨੀਕ ਨੇ ਸਾਡੇ ਜੀਵਨ ਵਿਚ ਕਈ ਤਰ੍ਹਾਂ ਦੇ ਬਦਲਾਅ ਲਿਆਂਦੇ ਹਨ, ਜਿਸ ਤਹਿਤ ਜਿੱਥੇ ਅਸੀਂ ਮੋਬਾਇਲ ਫ਼ੋਨ ਦੀ ਠੀਕ ਵਰਤੋਂ ਕਰਕੇ ਆਪਣੀ ਰੋਜ਼ਾਨਾ ਦੀ ਜੀਵਨ-ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਹਾਂ, ਉੱਥੇ ਮੋਬਾਇਲ ਫ਼ੋਨ ਦੀ ਦੁਰਵਰਤੋਂ ਕਰਨ ਦੇ ਪੱਖ ਤੋਂ ਵੀ ਅਸੀਂ ਘੱਟ ਨਹੀਂ। ਵਿਸ਼ੇਸ਼ ਕਰਕੇ ਅਜੌਕੇ ਨੌਜਵਾਨ ਵਰਗ ਨੇ ਮੋਬਾਇਲ ਫ਼ੋਨ ਦੀ ਜਿੰਨੀ ਦੁਰਵਰਤੋਂ ਕੀਤੀ ਹੈ, ਜਾਂ ਕੀਤੀ ਜਾ ਰਹੀ ਹੈ, ਉਸ ਦੇ ਕਈ ਮਾੜੇ ਨਤੀਜੇ ਸਾਨੂੰ ਅਕਸਰ ਹੀ ਅਖ਼ਬਾਰਾਂ ਆਦਿ ਵਿਚ ਪੜ੍ਹਨ-ਸੁਣਨ, ਜਾਂ ਆਪਣੇ ਆਲੇ- ਦੁਆਲੇ ਸਮਾਜ ਵਿਚ ਦੇਖਣ ਨੂੰ ਮਿਲਦੇ ਹਨ।


ਮੋਬਾਇਲ ਫ਼ੋਨ ਵਿਚ ਇੰਟਰਨੈਟ ਅਤੇ ਸੋਸ਼ਲ ਸਾਈਟਸ ਦੀ ਹੋਂਦ ਨੇ ਕਈ ਤਰ੍ਹਾਂ ਦੇ ਅਜਿਹੇ ਮਸਲੇ ਵੀ ਖੜ੍ਹੇ ਕੀਤੇ ਹਨ, ਜਿਨ੍ਹਾਂ ਦੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਾਡੇ ਸਮਾਜ ਨੂੰ ਕਈ ਮਾੜੇ ਪ੍ਰਭਾਵ ਪਾਏ ਹਨ। ਇਨ੍ਹਾਂ ਮਸਲਿਆਂ ਵਿਚ ਪ੍ਰਮੁੱਖ ਰੂਪ ਵਿਚ ਲੜਕੀਆਂ ਨਾਲ ਜੁੜੀਆਂ ਘਟਨਾਵਾਂ, ਮੋਬਾਇਲ ਦੇ ਕੈਮਰਿਆਂ ਰਾਹੀਂ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਨਾਲ ਛੇੜ-ਛਾੜ, ਮਨਚਲੇ ਅਤੇ ਅਵਾਰਾ ਕਿਸਮ ਦੇ ਲੜਕਿਆਂ ਵੱਲੋਂ ਸਕੂਲਾਂ ਕਾਲਜਾਂ ਨੂੰ ਆਉਣ-ਜਾਣ ਵਾਲੀਆਂ ਅਤੇ ਬੱਸਾ, ਗੱਡੀਆਂ ਆਦਿ ਵਿਚ ਸਫਰ ਕਰਨ ਵਾਲੀਆਂ ਲੜਕੀਆਂ ਦੀ ਵੀਡਿਓ ਆਦਿ ਬਣਾ ਕੇ ਉਸ ਦੀ ਦੁਰਵਰਤੋਂ ਕਰਨਾ,ਮੋਬਾਇਲ ਰਾਹੀਂ ਸੋਸ਼ਲ ਮੀਡੀਆ ’ਤੇ ਧਾਰਮਿਕ ਸੰਪਰਦਾਇਕਤਾ ਪੱਖੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ, ਅਸ਼ਲੀਲਤਾ ਫੈਲਾਉਣਾ, ਹਿੰਸਕ-ਰੂਪੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਾ ਆਦਿ ਮੁੱਖ ਵਰਤਾਰੇ ਹਨ ਜੋ ਕਿ ਮੋਬਾਇਲ ਫ਼ੋਨ ਦੀ ਦੁਰਵਰਤੋਂ ਦੇ ਰੂਪ ਵਿਚ ਸਾਡੇ ਸਾਹਮਣੇ ਆ ਰਹੇ ਹਨ।ਇੰਨਾ ਹੀ ਨਹੀਂ ਬਲਕਿ ਨੌਜਵਾਨ ਵਰਗ ਨੂੰ ਮੋਬਾਇਲ ਫ਼ੋਨ ਦਾ ਆਦੀ ਹੋਣ ਦੀ ਪ੍ਰਵਿਰਤੀ ਨੇ ਆਪਣੇ ਪਰਿਵਾਰ ਤੋਂ ਵੀ ਤੋੜ ਦਿੱਤਾ ਹੈ।

ਲਗਾਤਾਰ ਮੋਬਾਇਲ ਅਤੇ ਇਸ ਵਿਚਲੀਆਂ ਤਕਨੀਕਾਂ ਦੀ ਵਰਤੋਂ ਨੇ ਇਸ ਨੂੰ ਵਰਤਣ ਵਾਲੇ ਮਨੁੱਖ ਦੇ ਦਿਮਾਗ ਨੂੰ ਅਜਿਹੀ ਸੰਕਟਮਈ ਸਥਿਤੀ ਵਿਚ ਫਸਾ ਦਿੱਤਾ ਹੈ ਕਿ ਕਈ ਵਾਰ ਉਹ ਸਾਹਮਣੇ ਖੜੇ ਵਿਅਕਤੀ ਦੁਆਰਾ, ਉਸ ਨਾਲ ਕਈ ਤਰ੍ਹਾਂ ਦੀਆਂ ਕੀਤੀਆਂ ਜਾਣ ਵਾਲੀਆਂ ਗੱਲਾਂ ਨੂੰ ਸਮਝਣ ਵਿਚ ਵੀ ਅਸਮਰੱਥਤਾ ਪ੍ਰਗਟ ਕਰਦਾ ਹੈ ਅਤੇ ਕੀਤੀ ਗਈ ਗੱੱਲ ਨੂੰ ਬਾਰ-ਬਾਰ ਪੁੱਛਦਾ ਹੈ, ਕਿ ਉਸ ਨੂੰ ਦੂਜੇ ਵਿਅਕਤੀ ਨੇ ਕੀ ਕਿਹਾ ਹੈ? ਸੋ ਮੋਬਾਇਲ ਦੀ ਹੋਂਦ ਨੇ ਬੇਸ਼ੱਕ ਇੰਟਰਨੈਟ ਅਤੇ ਸੋਸ਼ਲ ਸਾਈਟਸ ਰਾਹੀਂ ਸਾਡੇ ਦੋਸਤਾਂ-ਮਿੱਤਰਾਂ ਦੀਆਂ ਕਤਾਰਾਂ ਲੰਬੀਆਂ ਕਰ ਦਿੱਤੀਆਂ ਹਨ ਪਰੰਤੂ ਅਸੀਂ ਆਪਣੇ ਪਰਿਵਾਰਕ ਰਿਸ਼ਤਿਆਂ ਦਾ ਲਗਾਤਾਰ ਘਾਣ ਕਰਦੇ ਹੋਏਆਪਣੇ ਮਾਤਾ-ਪਿਤਾ, ਭੈਣ-ਭਰਾਵਾਂ ਤੋਂ ਲਗਾਤਾਰ ਟੁੱਟਦੇ ਜਾਂ ਰਹੇ ਹਾਂ।ਮੋਬਾਇਲ ਫ਼ੋਨ ਦੀ ਵਰਤੋਂ ਪ੍ਰਤੀ ਇਕ ਹੋਰ ਬੇਹੱਦ ਖਤਰਨਾਕ ਸਮੱਸਿਆ ਵੀ ਕਾਫ਼ੀ ਚਰਚਾ ਦਾ ਵਿਸ਼ਾ ਹੈ ਜੋ ਕਿ ਇਸ ਉਪਕਰਨ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਨਾਲ ਸੰਬਧਿਤ ਹੈ।


ਮੋਬਾਇਲ ਫ਼ੋਨ ਤਕ ਸਿਗਨਲ ਪਹੁੰਚਾਉਣ ਵਾਲੇ ਵੱਖ-ਵੱਖ ਮੋਬਾਈਲ ਸੇਵਾ ਪ੍ਰਦਾਤਾਵਾ ਕੰਪਨੀਆਂ ਵੱਲੋਂ ਲਗਾਏ ਗਏ ਟਾਵਰਾਂ ਵਿੱਚੋਂ ਨਿਕਲਣ ਵਾਲੀਆਂ ਬੇਹੱਦ ਘਾਤਕ ਤਰੰਗਾਂ ਮੋਬਾਇਲ ਦੀ ਬਹੁਤ ਜਿਆਦਾ ਵਰਤੋਂ ਕਰਨ ਵਾਲਿਆਂ ਲਈ ਕਾਫ਼ੀ ਘਾਤਕ ਵੀ ਹਨ ਜਿਨ੍ਹਾਂ ਨਾਲ ਕਈ ਸਰੀਰਕ ਤੇ ਦਿਮਾਗੀ ਰੋਗ ਵੀ ਪੈਦਾ ਹੋ ਰਹੇ ਹਨ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੋਬਾਇਲ ਦੀ ਲੋੜ ਮੁਤਾਬਕ ਵਰਤੋਂ ਹੀ ਠੀਕ ਹੈ।ਸੋ ਸਾਨੂੰ ਲੋੜ੍ਹ ਹੈ ਕਿ ਸੰਚਾਰ ਦੇ ਇਸ ਬਹੁਮੁੱਲੇ ਸਾਧਨ ਨੂੰ ਯੋਗ ਅਤੇ ਵਾਜਬ ਢੰਗ-ਤਰੀਕੇ ਨਾਲ ਮਰਯਾਦਾ ਵਿਚ ਰਹਿ ਕੇ ਵਰਤਣ ਦੀ, ਤਾਂਕਿ ਜਿੱਥੇ ਸਾਡਾ ਸਮਾਜ ਇਸ ਦੀ ਗਲਤ ਵਰਤੋਂ ਨਾਲ ਪ੍ਰਭਾਵਿਤ ਨਾ ਹੋਵੇ, ਉੱਥੇ ਅਸੀਂ ਖੁਦ ਵੀ ਆਪਣੇ ਘਰੇਲੂ ਪਰਿਵਾਰ ਅਤੇ ਰਿਸ਼ਤੇਦਾਰਾਂ ਅਤੇ ਪ੍ਰਤੱਖ ਰੂਪ ਵਿਚ ਸਾਡੇ ਆਲੇ-ਦੁਆਲੇ ਵਿਚਰਦੇ ਸੱਜਣਾਂ-ਮਿਤਰਾਂ ਨਾਲ ਜੁੜੇ ਰਹੀਏ।

                  ਧੰਨਵਾਦ।

Labels: , , ,

0 Comments:

Post a Comment

Subscribe to Post Comments [Atom]

<< Home